World

US ਦੇ ਚੋਟੀ ਦੇ ਫੌਜੀ ਅਧਿਕਾਰੀ ਦਾ ਦਾਅਵਾ, ਅਫਗਾਨ ਦੇ ਅੱਧੇ ਜ਼ਿਲ੍ਹਿਆਂ ’ਤੇ ਤਾਲਿਬਾਨ ਅੱਤਵਾਦੀਆਂ ਦਾ ਕਬਜ਼ਾ

ਵਾਸ਼ਿੰਗਟਨ  : ਯੂ.ਐੱਸ ਦੇ ਜੁਆਇੰਟ ਚੀਫਟ ਆਫ ਸਟਾਫ ਦੇ ਚੇਅਰਮੈਨ ਜਨਰਲ ਮਾਰਕ ਮਿਲੇ ਨੇ ਕਿਹਾ ਕਿ ਤਾਲਿਬਾਨ ਅਫਗਾਨਿਸਤਾਨ ਦੇ ਕੰਟਰੋਲ ਦੀ ਲੜਾਈ ਵਿੱਚ “ਰਣਨੀਤਕ ਰਫ਼ਤਾਰ” ਹਾਸਲ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਮਿਲੇ ਨੇ ਬੁੱਧਵਾਰ ਨੂੰ ਪੈਂਟਾਗਨ ਵਿਖੇ ਇਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ, “ਇਹ ਅਫਗਾਨਿਸਤਾਨ ਦੀ ਸੁਰੱਖਿਆ, ਅਫਗਾਨਿਸਤਾਨ ਸਰਕਾਰ ਅਤੇ ਅਫਗਾਨਿਸਤਾਨ ਦੇ ਲੋਕਾਂ ਦੀ ਇੱਛਾ ਅਤੇ ਅਗਵਾਈ ਦੀ ਪ੍ਰੀਖਿਆ ਹੋਵੇਗੀ।” ਉਸ ਨੇ ਕਿਹਾ ਕਿ ਮੈਨੂੰ ਲੱਗਦਾ ਕਿ ਤਕਰੀਬਨ 212 ਅਤੇ 214 ਜ਼ਿਲ੍ਹਾ ਹੈਡਕੁਆਟਰ ਤਾਲਿਬਾਨ ਅੱਤਵਾਦੀਆਂ ਦੇ ਕੰਟਰੋਲ ਵਿੱਚ ਹੈ, ਜੋ ਕੁੱਲ ਜ਼ਿਲ੍ਹਿਆਂ ਦੇ 419 ਵਿੱਚੋਂ ਲਗਭਗ ਅੱਧਾ ਹੈ।

ਉਸ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੋ ਰਿਹਾ ਕਿ ਤਾਲਿਬਾਨ ਅੱਤਵਾਦੀਆਂ ਦਾ ਪੱਖ ਭਾਰੀ ਹੈ, ਕਿਉਂਕਿ ਉਨ੍ਹਾਂ ਨੇ ਪਿਛਲੇ ਛੇ ਮਹੀਨਿਆਂ ਵਿੱਚ ਇਕ ਮਹੱਤਵਪੂਰਨ ਖੇਤਰ ’ਤੇ ਆਪਣਾ ਕਬਜ਼ਾ ਕਰ ਲਿਆ। ਹਾਲਾਂਕਿ, ਉਨ੍ਹਾਂ ਨੇ 34 ਸੂਬਾਈ ਰਾਜਧਾਨੀਵਾਂ ‘ਚੋਂ ਕਿਸੇ ’ਤੇ ਕਬਜ਼ਾ ਨਹੀਂ ਕੀਤਾ। ਉਸਨੇ ਕਿਹਾ ਕਿ ਤਾਲਿਬਾਨ ਜ਼ਿਆਦਾ ਖੇਤਰ ’ਤੇ ਕਬਜ਼ਾ ਕਰ ਰਿਹਾ ਹੈ ਅਤੇ ਇਸ ਦੌਰਾਨ ਅਫਗਾਨ ਸੁਰੱਖਿਆ ਬਲ ਕਾਬੁਲ ਸਣੇ ਵੱਡੇ ਆਬਾਦੀ ਕੇਂਦਰਾਂ ਦੀ ਸੁਰੱਖਿਆ ਲਈ ਆਪਣੀ ਸਥਿਤੀ ਮਜ਼ਬੂਤ ​​ਕਰ ਰਿਹਾ ਹੈ। ਮਿਲੇ ਨੇ ਕਿਹਾ, “ਤਾਲਿਬਾਨ ਨੇ 6,8,10 ਮਹੀਨਿਆਂ ’ਚ ਕਾਫ਼ੀ ਵੱਡੇ ਖੇਤਰਾਂ ’ਤੇ ਕਬਜ਼ਾ ਕਰ ਲਿਆ, ਉਥੇ ਹੀ ਤਾਲਿਬਾਨ ਰਣਨੀਤਕ ਗਤੀ ਹਾਸਲ ਕਰਦਾ ਵੀ ਵਿਖਾਈ ਦੇ ਰਿਹਾ ਹੈ।

 

ਪੈਂਟਾਗਨ ਨੇ ਕਿਹਾ ਹੈ ਕਿ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਦੀ ਪ੍ਰਕਿਰਿਆ 95 ਫੀਸਦੀ ਮੁਕੰਮਲ ਹੋ ਚੁੱਕੀ ਹੈ, ਜੋ 31 ਅਗਸਤ ਤੱਕ ਖ਼ਤਮ ਹੋ ਜਾਵੇਗੀ। ਮਿਲੇ ਦੇ ਨਾਲ ਮੌਜੂਦ ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਕਿਹਾ ਕਿ ਅਮਰੀਕੀ ਫੌਜ ਦੀਆਂ ਕੋਸ਼ਿਸ਼ਾਂ ਤਾਲਿਬਾਨ ‘ਤੇ ਨਹੀਂ ਸਗੋਂ ਅੱਤਵਾਦੀ ਖਤਰਿਆਂ ਨਾਲ ਨਜਿੱਠਣ’ ਤੇ ਕੇਂਦ੍ਰਤ ਹੋਣਗੀਆਂ। 11 ਸਤੰਬਰ 2001 ਨੂੰ ਅਮਰੀਕਾ ’ਤੇ ਹਮਲਾ ਕਰਨ ਵਾਲੇ ਅਲ ਕਾਇਦਾ ‘ਤੇ ਅਮਰੀਕਾ ਨਜ਼ਰ ਰੱਖੇਗਾ। ਆਸਟਿਨ ਨੇ ਕਿਹਾ ਕਿ ਤਾਲਿਬਾਨ ਨੇ 2020 ਵਿੱਚ ਸੰਕਲਪ ਲਿਆ ਸੀ ਕਿ ਉਹ ਭਵਿੱਖ ਵਿੱਚ ਅਫਗਾਨਿਸਤਾਨ ਨੂੰ ਅਲ-ਕਾਇਦਾ ਲਈ ਪਨਾਹਗਾਹ ਨਹੀਂ ਬਣਨ ਦੇਵੇਗਾ ਅਤੇ ਉਨ੍ਹਾਂ ਨੇ ਉਮੀਦ ਜਤਾਈ ਕਿ  ਤਾਲਿਬਾਨ ਆਪਣਾ ਸੰਕਲਪ ਯਾਦ ਰੱਖੇਗਾ।